ਭਾਰਤੀ ਪੁਰਾਤੱਤਵ ਸਰਵੇ ਦੀ ਜਿਸ ਟੀਮ ਨੇ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ ਮਿਲੇ ਸੁਰੰਗ ਨੁਮਾ ਜ਼ਮੀਨਦੋਜ ਢਾਂਚੇ ਦੀ ਜਾਂਚ ਕੀਤੀ ਸੀ, ਉਸ ਨੇ ਆਪਣੀ ਰਿਪੋਰਟ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। 20 ਜੁਲਾਈ ਨੂੰ ਭਾਰਤੀ ਪੁਰਾਤੱਤਵ ਸਰਵੇ ਦੇ ਚੰਡੀਗੜ੍ਹ ਸਰਕਲ ਜਾਂਚ ਟੀਮ ਨੇ ਖੁਦਾਈ ਵਾਲੀ ਥਾਂ ਦਾ ਮੁਆਇਨਾ ਕੀਤਾ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਢਾਂਚਾ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ। ਢਾਂਚੇ ਦੀ ਉਸਾਰੀ ਲਾਖੋਰੀ ਇੱਟਾਂ ਅਤੇ ਚੂਨੇ ਨਾਲ ਕੀਤੀ ਗਈ ਹੈ। ਢਾਂਚੇ ਵਿੱਚ ਕਈ ਜਗ੍ਹਾ ‘ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਾਰੇ ਪੱਖ ਰੱਖਦਿਆਂ ਕਿਹਾ ਕਿ ਜਦੋਂ ਢਾਂਚੇ ਬਾਰੇ ਕਮੇਟੀ ਨੂੰ ਦੱਸ ਦਿੱਤਾ ਜਾਵੇਗਾ ਕਿ ਉਹ ਕੀ ਹੈ ਤਾਂ ਉਸ ਦਾ ਰੱਖ-ਰਖਾਅ ਅਸੀਂ ਹੀ ਕਰਾਂਗੇ। Report- Ravinder Singh Robin